ਇਸ ਵੇਲੇ ਇੱਕ ਵੱਡੀ ਖ਼ਬਰ ਕਿਸਾਨਾਂ ਨਾਲ ਜੁੜੀ ਆ ਰਹੀ ਹੈ। ਬੇਸ਼ੱਕ ਜਿਆਦਾਤਰ ਖ਼ਬਰਾਂ ਕਿਸਾਨਾਂ ਲਈ ਅੱਜ ਕੱਲ੍ਹ ਚੰਗੀਆਂ ਨਹੀਂ ਆ ਰਹੀਆਂ ਪਰ ਇਹ ਖ਼ਬਰ ਕਿਸਾਨਾਂ ਲਈ ਕਾਫੀ ਹੱਦ ਤੱਕ ਵਧੀਆ ਆਖੀ ਜਾ ਸਕਦੀ ਹੈ। ਤਾਜ਼ਾ ਖ਼ਬਰ ਅਨੁਸਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੰਨੇ ਦੀ ਖਰੀਦ ਕੀਮਤ ਵਿੱਚ ‘ਇਤਿਹਾਸਕ’ ਵਾਧੇ ਲਈ ਕੇਂਦਰੀ ਮੰਤਰੀ ਮੰਡਲ ਦੀ ਮਨਜ਼ੂਰੀ ਦਾ ਹਵਾਲਾ ਦਿੰਦਿਆਂ ਅੱਜ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਕਿਸਾਨਾਂ ਦੀ ਭਲਾਈ ਨਾਲ ਸਬੰਧਤ ਹਰ ਕੰਮ ਪੂਰਾ ਕਰਨ ਲਈ ਵਚਨਬੱਧ ਹੈ।
ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪੋਸਟ ਵਿੱਚ ਉਨ੍ਹਾਂ ਨੇ ਕਿਹਾ, ‘ਸਾਡੀ ਸਰਕਾਰ ਦੇਸ਼ ਭਰ ਵਿੱਚ ਸਾਡੇ ਕਿਸਾਨ ਭਰਾਵਾਂ ਅਤੇ ਭੈਣਾਂ ਦੀ ਭਲਾਈ ਨਾਲ ਸਬੰਧਤ ਹਰ ਕੰਮ ਪੂਰਾ ਕਰਨ ਲਈ ਵਚਨਬੱਧ ਹੈ। ਇਸ ਸੰਦਰਭ ਵਿੱਚ ਗੰਨੇ ਦੀ ਖਰੀਦ ਕੀਮਤ ਵਿੱਚ ਇਤਿਹਾਸਕ ਵਾਧੇ ਨੂੰ ਮਨਜ਼ੂਰੀ ਦਿੱਤੀ ਗਈ ਹੈ।’ ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਕਰੋੜਾਂ ਗੰਨਾ ਉਤਪਾਦਕ ਕਿਸਾਨਾਂ ਨੂੰ ਫਾਇਦਾ ਹੋਵੇਗਾ। ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਚੀਨੀ ਸੀਜ਼ਨ 2024-25 ਵਿੱਚ ਚੀਨੀ ਦੀ 10.25 ਫੀਸਦੀ ਵਸੂਲੀ ਦਰ ’ਤੇ ਗੰਨੇ ਦੇ ਵਾਜਬ ਅਤੇ ਲਾਹੇਵੰਦ ਮੁੱਲ (ਐੱਫਆਰਪੀ) 340 ਰੁਪਏ ਪ੍ਰਤੀ ਕੁਇੰਟਲ ਨੂੰ ਮਨਜ਼ੂਰੀ ਦਿੱਤੀ।
ਇਸ ਸਬੰਧੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕਿਸਾਨ ਭਲਾਈ ਨੂੰ ਸਮਰਪਿਤ ਮੋਦੀ ਸਰਕਾਰ ਨੇ ਆਉਣ ਵਾਲੇ ਸੀਜ਼ਨ ਲਈ ਦੇਸ਼ ਦੇ ਗੰਨਾ ਕਿਸਾਨਾਂ ਨੂੰ ਇੱਕ ਵਿਲੱਖਣ ਤੋਹਫ਼ਾ ਦਿੱਤਾ ਹੈ। ਕੇਂਦਰੀ ਮੰਤਰੀ ਮੰਡਲ ਨੇ ਖੰਡ ਮਿੱਲਾਂ ਦੁਆਰਾ 1 ਅਕਤੂਬਰ, 2024 ਤੋਂ 30 ਸਤੰਬਰ, 2025 ਦਰਮਿਆਨ ਗੰਨੇ ਦੀ ਖਰੀਦ ਲਈ ਐਫਆਰਪੀ ਵਿੱਚ 8 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ ਅਤੇ ਐਫਆਰਪੀ 340 ਰੁਪਏ ਪ੍ਰਤੀ ਕੁਇੰਟਲ ਤੈਅ ਕੀਤੀ ਹੈ। ਦੇਸ਼ ਦੇ 5 ਕਰੋੜ ਤੋਂ ਵੱਧ ਗੰਨਾ ਕਿਸਾਨਾਂ ਦੇ ਹਿੱਤ ਵਿੱਚ ਲਏ ਗਏ ਇਸ ਫੈਸਲੇ ਲਈ ਮੈਂ ਮੋਦੀ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
Leave a Reply