ਪੰਜਾਬ ਸਰਕਾਰ ਦੀ ਨਵੀਂ ਸਕੀਮ ਦਾ ਫਾਇਦਾ ਕਿਵੇਂ ਲੈ ਸਕਦੇ ਹੋ

ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਅਸਲਾ ਲਾਇਸੰਸ, ਆਧਾਰ ਕਾਰਡ ਅਤੇ ਅਸਟਾਮ ਪੇਪਰ ਨੂੰ ਛੱਡ ਕੇ ਲਗਪਗ 43 ਸਰਕਾਰੀ ਸੇਵਾਵਾਂ ਸਰਕਾਰ ਤੁਹਾਡੇ ਦੁਆਰ ਸਕੀਮ ਯੋਜਨਾ ਦੇ ਤਹਿਤ ਲਿਆ ਰਹੀ ਹੈ ਜਿਸ ਦਾ ਐਲਾਨ ਐਤਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ। ਇਸ ਸਕੀਮ ਦੇ ਤਹਿਤ ਜਨਮ, ਮੌਤ, ਵਿਆਹ, ਆਮਦਨ, ਰਿਹਾਇਸ਼, ਜਾਤੀ, ਪੇਂਡੂ ਖੇਤਰ, ਸਰਹੱਦੀ ਖੇਤਰ, ਪਛੜਿਆ ਖੇਤਰ, ਪੈਨਸ਼ਨ ਸਕੀਮ, ਬਿਜਲੀ ਦੇ ਬਿੱਲ ਦੀ ਅਦਾਇਗੀ, ਜ਼ਮੀਨ ਦੀ ਹੱਦਬੰਦੀ ਸਰਟੀਫਿਕੇਟ ਅਤੇ ਹੋਰ ਕਈ ਸਹੂਲਤਾਂ ਘਰ ਬੈਠੇ ਮਿਲਣਗੀਆਂ। ਸਰਕਾਰ ਵੱਲੋਂ ਇਸ ਸਕੀਮ ਦਾ ਲਾਭ ਲੈਣ ਲਈ ਇਕ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਹੈ।

ਇਸ ਫੋਨ ਨੰਬਰ ਉੱਪਰ ਕਾਲ ਕਰ ਕੇ ਲੋਕ ਆਪਣੀ ਸਹੂਲਤ ਮੁਤਾਬਕ ਸਮਾਂ ਅਤੇ ਤਰੀਕ ਤੈਅ ਕਰ ਕੇ ਆਪਣਾ ਕੰਮ ਕਰਵਾ ਸਕਣਗੇ। ਸਮਾਂ ਤੇ ਤਰੀਕ ਤੈਅ ਹੋਣ ਤੋਂ ਬਾਅਦ ਲੋਕਾਂ ਨੂੰ ਜ਼ਰੂਰੀ ਦਸਤਾਵੇਜ਼ਾਂ, ਫੀਸ ਤੇ ਹੋਰ ਚੀਜ਼ਾਂ ਬਾਰੇ ਮੈਸਿਜ ਰਾਹੀਂ ਸੂਚਨਾ ਦਿੱਤੀ ਜਾਵੇਗੀ। ਇਸ ਲਈ ਲੋਕਾਂ ਨੂੰ ਜ਼ਰੂਰੀ ਦਸਤਾਵੇਜ਼ਾਂ ਦੀ ਸੂਚੀ, ਤੈਅ ਤਰੀਕ ਅਤੇ ਸਮੇਂ ਨਾਲ ਇਕ ਸੰਦੇਸ਼ ਵੀ ਪ੍ਰਾਪਤ ਹੋਵੇਗਾ। ਇਸ ਕੰਮ ਨੂੰ ਪੂਰਾ ਕਰਨ ਲਈ ਖ਼ਾਸ ਤੌਰ ’ਤੇ ਸਿਖਲਾਈ ਹਾਸਲ ਕਰਨ ਵਾਲੇ ਸਟਾਫ ਟੈਬ ਨਾਲ ਤੈਅ ਕੀਤੇ ਸਮੇਂ ’ਤੇ ਲੋਕਾਂ ਦੇ ਘਰ ਜਾਂ ਦਫਤਰ ਵਿਚ ਜਾਣਗੇ। ਜਿਸ ਉਪਰੰਤ ਜ਼ਰੂਰੀ ਕਾਗ਼ਜ਼ੀ ਕਾਰਵਾਈ ਪੂਰੀ ਕਰਨਗੇ ਅਤੇ ਬਣਦੀ ਸਰਕਾਰੀ ਫੀਸ ਲੈ ਕੇ ਰਸੀਦ ਦੇਣਗੇ।

ਇਸ ਤੋਂ ਬਾਅਦ ਬਿਨੈਕਾਰ ਆਪਣੀ ਅਰਜ਼ੀ ਨੂੰ ਟ੍ਰੈਕ ਕਰਕੇ ਵੇਖ ਸਕਣਗੇ ਕਿ ਉਹਨਾਂ ਦੀ ਅਰਜ਼ੀ ਹੁਣ ਕਿੱਥੇ ਪਹੁੰਚ ਗਈ ਹੈ ਅਤੇ ਕਦੋਂ ਤੱਕ ਇਹ ਪ੍ਰਕਿਰਿਆ ਮੁਕੰਮਲ ਹੋ ਜਾਵੇਗੀ। ਇਸ ਦੇ ਨਾਲ਼ ਹੀ ਉਸ ਸਰਵਿਸ ਦੇ ਸਰਟੀਫਿਕੇਟਾਂ ਦੀ ਸਾਫਟ ਕਾਪੀ ਮੋਬਾਈਲ ਫੋਨ ’ਤੇ ਵੀ ਭੇਜੀ ਜਾਵੇਗੀ ਜਦਕਿ ਦਸਤਾਵੇਜ਼ਾਂ ਦੀ ਅਸਲ ਕਾਪੀ ਘਰ ਪਹੁੰਚਾਈ ਜਾਵੇਗੀ। ਇਸ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਬੁਲਾਰੇ ਸ੍ਰੀ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਇਸ ਯੋਜਨਾ ਨਾਲ ਪੰਜਾਬ ਦੇ ਆਮ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ। ਹੁਣ ਲੋਕਾਂ ਨੂੰ ਇਨ੍ਹਾਂ ਕੰਮਾਂ ਲਈ ਸਰਕਾਰੀ ਦਫਤਰਾਂ ਦੇ ਚੱਕਰ ਨਹੀਂ ਲਾਉਣੇ ਪੈਣਗੇ ਜਦਕਿ ਪਹਿਲਾਂ ਲੋਕਾਂ ਨੂੰ ਇਨ੍ਹਾਂ ਦਸਤਾਵੇਜ਼ਾਂ ਨੂੰ ਤਸਦੀਕ ਕਰਵਾਉਣ ਲਈ ਸਰਕਾਰੀ ਦਫਤਰਾਂ ਵਿਚ ਕਈ ਘੰਟੇ ਲਾਈਨ ’ਚ ਖੜ੍ਹਾ ਹੋਣਾ ਪੈਂਦਾ ਸੀ ਤੇ ਕਈ ਵਾਰ ਤਾਂ ਕਈ ਚੱਕਰ ਵੀ ਲਾਉਣੇ ਪੈਂਦੇ ਸਨ।


Comments

Leave a Reply

Your email address will not be published. Required fields are marked *