ਇਸ ਵੇਲੇ ਇੱਕ ਵੱਡੀ ਖ਼ਬਰ ਪੰਜਾਬ ਤੋਂ ਆ ਰਹੀ ਹੈ। ਬੀਤੇ 30 ਸਾਲਾਂ ਤੋਂ ਸਰਬ ਸੰਮਤੀ ਨਾਲ ਪੰਚਾਇਤ ਚੁਣਦੇ ਆ ਰਹੇ ਬਲਾਕ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਹਰਦੋਰਵਾਲ ਕਲਾਂ ’ਚ ਇਸ ਵਾਰ ਪੰਚਾਇਤ ਦੀ ਚੋਣ ਦਿਲਚਸਪ ਮੋੜ ਲੈ ਗਈ ਹੈ। ਪਿੰਡ ਦੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਬਿੱਲਾ ਤੇ ਆਤਮਾ ਸਿੰਘ ਨੇ ਸਰਪੰਚੀ ਹਾਸਲ ਕਰਨ ਲਈ ਦੋ ਕਰੋੜ ਰੁਪਏ ਦੀ ਬੋਲੀ ਲਗਾ ਦਿੱਤੀ। ਹਾਲਾਂਕਿ ਪਿੰਡ ਵਾਲਿਆਂ ਨੇ ਮੌਕੇ ’ਤੇ ਕੋਈ ਫ਼ੈਸਲਾ ਨਹੀਂ ਲਿਆ। ਇਸ ਸਬੰਧੀ ਵੱਖਰੀ ਮੀਟਿੰਗ ਸੱਦੀ ਹੈ।
ਇਸ ਘਟਨਾ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਹਰ ਵਾਰ ਸਰਬ ਸੰਮਤੀ ਨਾਲ ਚੋਣ ਲਈ ਮਸ਼ਹੂਰ ਪਿੰਡ ਹਰਦੋਰਵਾਲ ਕਲਾਂ ਦੇ ਜੰਝ ਘਰ ’ਚ ਐਤਵਾਰ ਨੂੰ ਵੀ ਇਸ ਸਬੰਧੀ ਬੈਠਕ ਹੋਈ। ਬੈਠਕ ਦੌਰਾਨ ਸਾਬਕਾ ਸਰਪੰਚ ਜਸਵਿੰਦਰ ਸਿੰਘ ਬਿੱਲਾ ਤੇ ਆਤਮਾ ਸਿੰਘ ਨੇ ਐਲਾਨ ਕੀਤਾ ਜੇ ਪਿੰਡ ਵਾਲੇ ਉਨਾਂ ’ਚੋ ਕਿਸੇ ਨੂੰ ਸਰਬਸਮੰਤੀ ਨਾਲ ਸਰਪੰਚ ਬਣਾਉਂਦੇ ਹਨ ਤਾਂ ਉਹ ਪਿੰਡ ਦੇ ਵਿਕਾਸ ਲਈ 2 ਕਰੋੜ ਰੁਪਏ ਦੇਣਗੇ। ਜਸਵਿੰਦਰ ਸਿੰਘ ਬਿੱਲਾ ਨੇ ਇਸ ਦੌਰਾਨ ਆਪਣੇ ਨਾਲ ਲਿਆਉਂਦੇ ਦੋ ਕਰੋੜ ਰੁਪਏ ਦੇ ਦੋ ਚੈੱਕ ਵੀ ਲਹਿਰਾਏ। ਉਨ੍ਹਾਂ ਕਿਹਾ ਕਿ ਜੇ ਪਿੰਡ ਵਾਲੇ ਚਾਹੁਣ ਤਾਂ ਉਹ 2 ਕਰੋੜ ਰੁਪਿਆ ਪਿੰਡ ਦੇ ਵਿਕਾਸ ਲਈ ਦੇਣ ਲਈ ਤਿਆਰ ਹਨ। ਸਰਪੰਚੀ ਲਈ ਦੋ ਕਰੋੜ ਦੀ ਪੇਸ਼ਕਸ਼ ਸੁਣ ਕੇ ਪਿੰਡ ਵਾਸੀ ਹੱਕੇ ਬੱਕੇ ਰਹਿ ਗਏ।
ਇਸ ਮੌਕੇ ਸਾਬਕਾ ਸੂਬੇਦਾਰ ਜਗਤਾਰ ਸਿੰਘ, ਭੁਪਿੰਦਰ ਸਿੰਘ, ਇਕਬਾਲ ਸਿੰਘ, ਲਖਵਿੰਦਰ ਸਿੰਘ, ਹਰਜੀਤ ਸਿੰਘ, ਹਰਦੀਪ ਸਿੰਘ, ਮਨਜੀਤ ਸਿੰਘ ਆਦਿ ਪਿੰਡ ਵਾਸੀਆਂ ਨੇ ਕਿਹਾ ਕਿ 30 ਸਾਲ ਹੋ ਗਏ ਹਨ ਪਿੰਡ ’ਚ ਪੰਚਾਇਤ ਦੀ ਚੋਣ ਲਈ ਵੋਟਾਂ ਨਹੀਂ ਪਈਆਂ। ਕਿਸੇ ਨਾ ਕਿਸੇ ਤਰੀਕੇ ਸਰਬ ਸੰਮਤੀ ਨਾਲ ਸਰਪੰਚ ਬਣਦੇ ਰਹੇ ਹਨ। ਪਰ ਇਸ ਵਾਰ ਉਹ ਚਾਹੁੰਦੇ ਸਨ ਕਿ ਪਿੰਡ ਵਾਸੀਆਂ ਦੀਆਂ ਵੋਟਾਂ ਨਾਲ ਸਰਪੰਚ ਤੇ ਪੰਚ ਚੁਣੇ ਜਾਣ। ਸਾਬਕਾ ਸਰਪੰਚਾਂ ਨੇ ਸਰਪੰਚੀ ਲਈ ਦੋ ਕਰੋੜ ਦੀ ਪੇਸ਼ਕਸ਼ ਕਰ ਦਿੱਤੀ ਹੈ। ਹੁਣ ਇਸ ਸਬੰਧੀ ਜਲਦ ਪਿੰਡ ਦੀ ਸਾਂਝੀ ਮੀਟਿੰਗ ਕਰ ਕੇ ਫ਼ੈਸਲਾ ਲਿਆ ਜਾਵੇਗਾ।
Leave a Reply