ਇਸ ਵੇਲੇ ਇੱਕ ਵੱਡੀ ਖਬਰ ਆਮ ਲੋਕਾਂ ਨਾਲ ਜੁੜੀ ਆ ਰਹੀ ਹੈ। ਹਰਿਆਣਾ ‘ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੇ ਸਾਰੇ ਸਕੂਲ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਸਿੱਖਿਆ ਡਾਇਰੈਕਟੋਰੇਟ ਨੇ ਸੂਬੇ ਦੇ ਸਾਰੇ ਸਰਕਾਰੀ, ਅਰਧ-ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਦੋ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ। ਹਰਿਆਣਾ ਵਿੱਚ 5 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣੀਆਂ ਹਨ। ਸਿੱਖਿਆ ਵਿਭਾਗ ਨੇ ਇੱਥੇ ਦੋ ਦਿਨ ਸ਼ੁੱਕਰਵਾਰ (4 ਅਕਤੂਬਰ) ਅਤੇ ਸ਼ਨੀਵਾਰ (5 ਅਕਤੂਬਰ) ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਵਾਲੇ ਦਿਨ ਸਾਰੇ ਸਕੂਲਾਂ ਵਿੱਚ ਛੁੱਟੀ ਰਹੇਗੀ। ਇਸ ਦੇ ਨਾਲ ਹੀ ਵੋਟਾਂ ਤੋਂ ਇੱਕ ਦਿਨ ਪਹਿਲਾਂ ਵੀ ਸਕੂਲਾਂ ਵਿੱਚ ਕਲਾਸਾਂ ਨਹੀਂ ਲੱਗਣਗੀਆਂ। ਕਈ ਸਕੂਲਾਂ ਵਿੱਚ ਪੋਲਿੰਗ ਕੇਂਦਰ ਬਣਾਏ ਗਏ ਹਨ ਅਤੇ ਇਸੇ ਕਰਕੇ ਸਕੂਲੀ ਬੱਚਿਆਂ ਨੂੰ ਦੋ ਦਿਨ ਦੀ ਛੁੱਟੀ ਦਿੱਤੀ ਗਈ ਹੈ ਕਿਉਂਕਿ ਚੋਣਾਂ ਲਈ ਪੋਲਿੰਗ ਕੇਂਦਰ ਵਿੱਚ ਇੱਕ ਦਿਨ ਪਹਿਲਾਂ ਹੀ ਤਿਆਰੀਆਂ ਕੀਤੀਆਂ ਜਾਣੀਆਂ ਹਨ। ਹਰਿਆਣਾ ਸਿੱਖਿਆ ਡਾਇਰੈਕਟੋਰੇਟ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਸਕੂਲ ਦੇ ਅੰਦਰ ਪੋਲਿੰਗ ਬੂਥ ਬਣਾਏ ਜਾਣ ਕਾਰਨ ਲਿਆ ਗਿਆ ਹੈ, ਜਿਸ ਕਾਰਨ ਕਲਾਸਾਂ ਨੂੰ ਮੁਅੱਤਲ ਕਰਨਾ ਜ਼ਰੂਰੀ ਹੋ ਗਿਆ ਹੈ। 3 ਅਕਤੂਬਰ ਨੂੰ ਸਕੂਲਾਂ ਵਿੱਚ ਜਮਾਤਾਂ ਦੀ ਸਮਾਪਤੀ ਤੋਂ ਬਾਅਦ ਪੋਲਿੰਗ ਕੇਂਦਰਾਂ ਵਾਲੇ ਸਕੂਲਾਂ ਵਿੱਚ ਚੋਣ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਪਹਿਲਾਂ ਤੈਅ ਸ਼ਡਿਊਲ ਮੁਤਾਬਕ ਹਰਿਆਣਾ ਦੇ ਸਰਕਾਰੀ ਸਕੂਲਾਂ ਵਿੱਚ ਵੀ 4 ਅਕਤੂਬਰ ਨੂੰ ਪ੍ਰੀਖਿਆਵਾਂ ਹੋਣੀਆਂ ਸਨ। ਪਰ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣ ਕਾਰਨ ਇਹ ਪ੍ਰੀਖਿਆਵਾਂ ਫਿਲਹਾਲ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ। ਹਾਲਾਂਕਿ, ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪ੍ਰੀਖਿਆ ਸਬੰਧੀ ਸਕੂਲਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ। ਦਸ ਦਈਏ ਕਿ ਹਰਿਆਣਾ ਦੀਆਂ ਕੁੱਲ 90 ਵਿਧਾਨ ਸਭਾ ਸੀਟਾਂ ਲਈ 5 ਅਕਤੂਬਰ ਨੂੰ ਇੱਕ ਪੜਾਅ ਵਿੱਚ ਵੋਟਿੰਗ ਹੋਵੇਗੀ, ਜਦਕਿ ਚੋਣ ਨਤੀਜੇ 8 ਅਕਤੂਬਰ ਨੂੰ ਆਉਣਗੇ। ਸੂਬੇ ਦੇ ਕਰੀਬ 2.1 ਕਰੋੜ ਵੋਟਰ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।
Leave a Reply