ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਹੋਈ ਸਜ਼ਾ ਵਾਲ਼ਾ ਮਾਮਲਾ ਹੈ ਕੀ

ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੂੰ ਸਥਾਨਕ ਅਦਾਲਤ ਨੇ ਪਰਿਵਾਰਕ ਝਗੜੇ ਦੇ ਇੱਕ ਕੇਸ ਵਿੱਚ ਦੋ ਸਾਲ ਦੀ ਸਜ਼ਾ ਸੁਣਾਈ ਹੈ। ਕੈਬਨਿਟ ਮੰਤਰੀ ਤੋਂ ਇਲਾਵਾ ਇਸ ਕੇਸ ਵਿੱਚ ਅੱਠ ਹੋਰ ਜਣਿਆਂ ਨੂੰ ਵੀ ਸਜ਼ਾ ਸੁਣਾਈ ਗਈ ਹੈ। ਦਰਅਸਲ ਇਹ ਮਾਮਲਾ ਕਰੀਬ ਡੇਢ ਦਹਾਕਾ ਪੁਰਾਣਾ ਹੈ ਜੋ ਕਿ ਸਾਲ 2008 ਵਿੱਚ ਦਰਜ ਹੋਇਆ ਸੀ। ਅਦਾਲਤ ਨੇ ਇਸ ਮਾਮਲੇ ‘ਚ ਦੋਸ਼ੀਆਂ ਨੂੰ ਸਜ਼ਾ ਦੇ ਨਾਲ਼ ਜੁਰਮਾਨਾ ਵੀ ਲਗਾਇਆ ਹੈ। ਮੀਡੀਆ ਰਿਪੋਰਟਾਂ ਰਾਹੀਂ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਮਾਮਲੇ ਵਿੱਚ ਸ਼ਿਕਾਇਤ ਕਰਤਾ ਰਜਿੰਦਰ ਦੀਪਾ ਨੇ ਦੱਸਿਆ ਕਿ ਇਹ ਕੋਈ ਲੜਾਈ ਨਹੀਂ ਸੀ ਸਗੋਂ ਉਹਨਾਂ ਨਾਲ ਧੱਕਾ ਕੀਤਾ ਗਿਆ ਸੀ।
ਸ਼ਕਾਇਤਕਰਤਾ ਅਤੇ ਅਮਨ ਅਰੋੜਾ ਆਪਸ ਵਿੱਚ ਰਿਸ਼ਤੇਦਾਰ ਵੀ ਹੈ। ਦੋਨਾਂ ਆਪਸ ਵਿੱਚ ਜੀਜਾ-ਸਾਲਾ ਹਨ। ਇਸ ਮਾਮਲੇ ਤੋਂ ਬਾਅਦ ਸ਼ਕਾਇਤਕਰਤਾ 2008 ਵਿੱਚ ਹੀ ਉਹ ਸੁਨਾਮ ਤੋਂ ਚੰਡੀਗੜ੍ਹ ਗਿਆ ਸੀ। ਕੇਸ ਮੁਤਾਬਿਕ ਕਥਿਤ ਤੌਰ ‘ਤੇ ਅਮਨ ਅਰੋੜਾ ਨੇ ਆਪਣੀ ਮਾਂ ਨੂੰ ਨਾਲ ਲੈ ਕੇ ਉਸ ਦੇ ਘਰ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਉਸ ਦੇ ਪੀਏ ਨੇ ਉਸ ਨੂੰ ਦੱਸਿਆ ਕਿ ਘਰ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਉਸ ਨੇ ਉਸੇ ਸਮੇਂ ਸਥਾਨਕ ਪੁਲਸ ਨੂੰ ਫ਼ੋਨ ਕਰਕੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਸੀ। ਇਸ ਤੋਂ ਬਾਅਦ ਜਿਵੇਂ ਹੀ ਉਹ ਸ਼ਾਮ ਨੂੰ ਘਰ ਪਹੁੰਚ ਗਿਆ ਤਾਂ ਅਮਨ ਅਰੋੜਾ ਦੀ ਮਾਂ ਉੱਥੇ ਮੌਜੂਦ ਸੀ। ਉਧਰੋਂ ਅਮਨ ਅਰੋੜਾ ਵੀ ਆਪਣੇ ਸਮਰਥਕਾਂ ਨਾਲ ਉਥੇ ਪਹੁੰਚ ਗਏ। ਫਿਰ ਉਸ ਨੇ ਹਮਲਾ ਕੀਤਾ ਅਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਇਸ ਦੋਨਾਂ ਧਿਰਾਂ ਖਿਲਾਫ ਵੱਖ ਵੱਖ ਧਰਾਵਾਂ ਤਹਿਤ ਪਰਚਾ ਦਰਜ ਹੋਇਆ।
ਪਰ ਸ਼ਕਾਇਤਕਰਤਾ ਨੇ ਜਾਂਚ ਲਈ ਪਟੀਸ਼ਨ ਦਾਇਰ ਕੀਤੀ। ਜਿਸ ਤੋਂ ਅਦਾਲਤ ਨੇ ਰਾਹਤ ਦਿੱਤੀ ਅਤੇ ਹੁਣ ਇਸ ਮਾਮਲੇ ਵਿੱਚ ਕੋਰਟ ਦਾ ਫੈਸਲਾ ਆਇਆ ਹੈ। ਉਧਰ ਮੀਡੀਆ ਰਾਹੀਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵੀ ਆਪਣਾ ਪੱਖ ਰੱਖਿਆ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਉਹ ਉਪਰਲੀ ਅਦਾਲਤ ਜਾਣਗੇ। ਪਰ ਉਹਨਾਂ ਆਖਿਆ ਕਿ ਬੇਸ਼ੱਕ ਦੀਪਾ ਉਹਨਾਂ ਦਾ ਰਿਸ਼ਤੇਦਾਰ ਹੈ ਪਰ ਕਿਸੇ ਦੇ ਘਰ ਮਾੜਾ ਬੰਦਾ ਨਾ ਹੋਵੇ ਅਤੇ ਉਹਨਾਂ ਆਖਿਆ ਕਿ ਉਹਨਾਂ ਦੀ ਬਜ਼ੁਰਗ ਮਾਤਾ ਨੂੰ ਵੀ ਸਜ਼ਾ ਹੋਈ ਹੈ ਜਿਸ ਦਾ ਉਹਨਾਂ ਨੂੰ ਬੇਹੱਦ ਅਫਸੋਸ ਹੈ। ਜਦ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ ਕਿ ਕੀ ਇਸ ਫੈਸਲੇ ਨਾਲ਼ ਉਹਨਾਂ ਦੀ ਵਿਧਾਇਕੀ ਨੂੰ ਕੋਈ ਫਰਕ ਪਵੇਗਾ ਤਾਂ ਉਹਨਾਂ ਆਖਿਆ ਕਿ ਉਹ ਕੋਈ ਕਾਨੂੰਨੀ ਮਾਹਰ ਨਹੀਂ ਹਨ। ਦੱਸ ਦੇਈਏ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਰਿਸ਼ਤੇਦਾਰ ਰਜਿੰਦਰ ਦੀਪਾ ਸ਼ਿਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਹਨ।


Comments

Leave a Reply

Your email address will not be published. Required fields are marked *