ਇਸ ਵੇਲੇ ਇੱਕ ਵੱਡੀ ਖ਼ਬਰ ਮੌਸਮ ਨਾਲ਼ ਜੁੜੀ ਆ ਰਹੀ ਹੈ। ਪੰਜਾਬ ਦੇ ਮੌਸਮ ਵਿਭਾਗ ਨੇ ਸੂਬਾ ਦੇ 11 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਵਿਭਾਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਨ੍ਹਾਂ ਜ਼ਿਲ੍ਹਿਆਂ ਵਿੱਚ ਕਈ ਥਾਵਾਂ ’ਤੇ ਸਵੇਰੇ ਸੰਘਣੀ ਧੁੰਦ ਪਵੇਗੀ। ਮੌਸਮ ਵਿਭਾਗ ਨੇ ਵਾਹਨਾਂ ਚਾਲਕਾਂ ਨੂੰ ਇਸ ਦੌਰਾਨ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਬੁਧਵਾਰ ਸਵੇਰੇ ਵੀ ਪੰਜਾਬ ਦੇ ਕਈ ਇਲਾਕਿਆਂ ਸੰਘਣੀ ਧੁੰਦ ਵੇਖਣ ਨੂੰ ਮਿਲੀ ਹੈ।
ਪੰਜਾਬ ਦੇ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਯੈਲੋ ਅਲਰਟ ਮੁਤਾਬਿਕ ਕ੍ਰਮਵਾਰ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਰੀਦਕੋਟ, ਮੋਗਾ, ਬਠਿੰਡਾ ਤੇ ਲੁਧਿਆਣਾ ਜ਼ਿਲ੍ਹਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਿਕ ਅਗਲੇ ਚਾਰ ਦਿਨ ਭਾਵੇਂ ਮੌਸਮ ਖੁਸ਼ਕ ਰਹੇਗਾ ਪਰ ਇਸ ਦੇ ਨਾਲ਼ ਧੁੰਦ ਕਾਰਨ ਦਿਨ-ਰਾਤ ਦਾ ਤਾਪਮਾਨ ਹੋਰ ਹੇਠਾਂ ਡਿੱਗੇਗਾ। ਇਸ ਤੋਂ ਇਲਾਵਾ ਧੁੰਦ ਅਤੇ ਠੰਢ ਕਾਰਨ ਮੰਗਲਵਾਰ ਨੂੰ ਘੱਟੋ-ਘੱਟ ਤਾਪਮਾਨ ‘ਚ ਅੱਧਾ ਡਿਗਰੀ ਦੀ ਗਿਰਾਵਟ ਵੇਖਣ ਨੂੰ ਮਿਲੀ ਹੈ।
ਮਾਲਵਾ ਖੇਤਰ ਦੇ ਜ਼ਿਲ੍ਹਾ ਫਰੀਦਕੋਟ ਵਿੱਚ ਮੰਗਲਵਾਰ ਵਾਲੇ ਦਿਨ ਸਭ ਤੋਂ ਘੱਟ ਤਾਪਮਾਨ ਰਿਹਾ ਜੋ ਕਿ 5.5 ਡਿਗਰੀ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮਾਝੇ ਵੱਲ ਅੰਮ੍ਰਿਤਸਰ ਦਾ ਪਾਰਾ 6 ਡਿਗਰੀ, ਲੁਧਿਆਣਾ ਦਾ ਪਾਰਾ 7.1 ਡਿਗਰੀ, ਪਟਿਆਲਾ ਦਾ ਤਾਪਮਾਨ 7.0 ਡਿਗਰੀ, ਪਠਾਨਕੋਟ ਦਾ ਪਾਰਾ 7.9 ਡਿਗਰੀ, ਬਠਿੰਡਾ ਦਾ 6 ਡਿਗਰੀ, ਗੁਰਦਾਸਪੁਰ ਦਾ ਪਾਰਾ 7.2 ਡਿਗਰੀ, ਫਤਿਹਗੜ੍ਹ ਸਾਹਿਬ ਦਾ ਤਾਪਮਾਨ 6.5 ਡਿਗਰੀ, ਫ਼ਿਰੋਜ਼ਪੁਰ ਦਾ ਪਾਰਾ 6 ਡਿਗਰੀ ਅਤੇ ਰੋਪੜ ਦਾ ਪਾਰਾ 7.7 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਇਸ ਦੇ ਨਾਲ਼ ਹੀ ਕਮਾਲ ਦੀ ਗੱਲ ਇਹ ਵੇਖਣ ਨੂੰ ਮਿਲੀ ਕਿ ਫਰੀਦਕੋਟ ਵਿੱਚ ਦਿਨ ਵੇਲੇ ਸਭ ਤੋਂ ਵੱਧ ਤਾਪਮਾਨ 25.1 ਡਿਗਰੀ ਵੇਖਣ ਨੂੰ ਮਿਲਿਆ ਹੈ।
ਭਾਵੇਂ ਕਿ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਬਦਲਾਅ ਵੇਖਣ ਨੂੰ ਨਹੀਂ ਮਿਲਿਆ। ਹਾਲਾਂਕਿ, ਫਿਲਹਾਲ ਇਹ ਆਮ ਤਾਪਮਾਨ ਦੇ ਨੇੜੇ ਹੈ। ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 21.7, ਲੁਧਿਆਣਾ ਦਾ 21.6, ਪਟਿਆਲਾ ਦਾ 22.3 ਤੇ ਜਲੰਧਰ ਦਾ 22.3 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਰੋਜ਼ਾਨਾ ਘਰ ਤੋਂ ਬਾਹਰ ਆਉਣ ਜਾਣ ਵਾਲਿਆਂ ਨੂੰ ਖਾਸ ਧਿਆਨ ਦੇਣ ਦੀ ਲੋੜ ਹੈ ਅਤੇ ਡਰਾਇਵਿੰਗ ਕਰਦੇ ਸਮੇਂ ਵੀ ਧਿਆਨ ਰੱਖਣ ਦੀ ਲੋੜ ਹੈ।
Leave a Reply