ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਇੱਕ ਵਾਰ ਫਿਰ ਤੋਂ ਖੁਸ਼ੀਆਂ ਪਰਤਾਈਆਂ ਹਨ। ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ਉੱਪਰ ਪੋਸਟ ਸਾਂਝੀ ਕਰਦਿਆਂ ਇਹ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੇ ਘਰ ਫਿਰ ਤੋਂ ਕਿਲਕਾਰੀਆਂ ਗੂੰਜੀਆਂ ਹਨ। ਸਰਦਾਰ ਬਲਕੌਰ ਸਿੰਘ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦਿਆਂ ਲਿਖਿਆ ਹੈ ਕਿ ਸ਼ੁਭਦੀਪ ਨੂੰ ਚਾਹੁਣ ਵਾਲਿਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਉਹਨਾਂ ਦੀ ਝੋਲੀ ਵਿੱਚ ਸ਼ੁਭ ਦਾ ਛੋਟਾ ਵੀਰ ਪਾਇਆ ਹੈ। ਵਾਹਿਗੁਰੂ ਦੀਆਂ ਬਖਸ਼ਿਸ਼ਾਂ ਸਦਕਾ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਸ਼ੁਭ ਚਿੰਤਕਾਂ ਦੇ ਅਥਾਹ ਪਿਆਰ ਲਈ ਸ਼ੁਕਰ ਗੁਜ਼ਾਰ ਹਾਂ।
ਮੀਡੀਆ ਰਾਹੀਂ ਮਿਲੀਆਂ ਖਬਰਾਂ ਮੁਤਾਬਕ ਅੱਜ ਸਵੇਰੇ ਕਰੀਬ 5 ਵਜੇ ਬਲਕੌਰ ਸਿੰਘ ਸਿੱਧੂ ਦੀ ਧਰਮ ਪਤਨੀ ਚਰਨ ਕੌਰ ਸਿੱਧੂ ਨੇ ਬੱਚੇ ਨੂੰ ਜਨਮ ਦਿੱਤਾ ਹੈ ਅਤੇ ਉਹ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਹਨ। ਬਠਿੰਡਾ ਦੇ ਉਕਤ ਨਿੱਜੀ ਹਸਪਤਾਲ ਵਿੱਚੋਂ ਉਹਨਾਂ ਨੂੰ ਛੁੱਟੀ ਮਿਲਣ ਮਗਰੋਂ ਘਰ ਲਿਆਂਦਾ ਜਾਵੇਗਾ। ਜਿਸ ਤੋਂ ਬਾਅਦ ਪਰਿਵਾਰ ਕੋਈ ਅਗਲੇ ਪ੍ਰੋਗਰਾਮ ਲਈ ਸੁਨੇਹਾ ਦੇ ਸਕਦਾ ਹੈ। ਫਿਲਹਾਲ ਪਰਿਵਾਰ ਵੱਲੋਂ ਇਹੋ ਸੁਨੇਹਾ ਸੋਸ਼ਲ ਮੀਡੀਆ ਰਾਹੀਂ ਸਾਂਝਾ ਕੀਤਾ ਗਿਆ ਹੈ। ਦੱਸ ਦਈਏ ਕਿ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਿੱਧੂ ਪਰਿਵਾਰ ਸਦਮੇ ਵਿੱਚ ਸੀ ਅਤੇ ਲਗਾਤਾਰ ਇਨਸਾਫ ਲਈ ਮੰਗ ਕਰ ਰਿਹਾ ਸੀ। ਇਸ ਦੇ ਨਾਲ ਹੀ ਇਹ ਚਰਚੇ ਵੀ ਸਨ ਕਿ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਲੋਕ ਸਭਾ ਚੋਣ ਲੜ ਸਕਦੇ ਹਨ।
ਪਰ ਚੋਣ ਜਾਬਤਾ ਲੱਗਣ ਤੋਂ ਬਾਅਦ ਉਹਨਾਂ ਦੇ ਘਰ ਐਤਵਾਰ ਸਵੇਰੇ 5 ਵਜੇ ਬੇਟੇ ਦਾ ਜਨਮ ਹੋਇਆ ਹੈ। ਜਿਸ ਤੋਂ ਬਾਅਦ ਹੁਣ ਉਹਨਾਂ ਦੀ ਅਗਲੀ ਰਣਨੀਤੀ ਬਾਰੇ ਉਹ ਖੁਦ ਸਾਫ ਕਰਨਗੇ ਕਿ ਉਹਨਾਂ ਨੇ ਚੋਣ ਲੜਨੀ ਹੈ ਜਾਂ ਨਹੀਂ। ਪਰ ਜਿਵੇਂ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਇਹ ਪੋਸਟ ਸਾਂਝੀ ਕੀਤੀ ਤਾਂ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਪਰਿਵਾਰ ਲਈ ਅਰਦਾਸਾਂ ਕੀਤੀਆਂ ਤੇ ਦੁਆਵਾਂ ਦਿੱਤੀਆਂ। ਪੰਜਾਬੀ ਮੀਡੀਆ ਤੋਂ ਇਲਾਵਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੀਡੀਆ ਵਿੱਚ ਵੀ ਇਹ ਖਬਰ ਪਹੁੰਚ ਚੁੱਕੀ ਹੈ ਕਿ ਬਲਕੌਰ ਸਿੰਘ ਸਿੱਧੂ ਦੇ ਘਰ ਪੁੱਤਰ ਦਾ ਜਨਮ ਹੋਇਆ ਹੈ।
Leave a Reply