ਵਿਦੇਸ਼ ਜਾਣ ਦੀ ਕਾਹਲ ਨੇ ਪੰਜਾਬੀਆਂ ਨੂੰ ਕਈ ਪਾਸਿਆਂ ਤੋਂ ਖੋਰਾ ਲਾਇਆ ਹੈ ਜਿਸ ਦੀ ਤਾਜ਼ਾ ਮਿਸਾਲ ਇੱਕ ਮੀਡੀਆ ਰਿਪੋਰਟ ਰਾਹੀਂ ਨਿਕਲ ਕੇ ਸਾਹਮਣੇ ਆਈ ਹੈ। ਪੰਜਾਬੀ ਟ੍ਰਿਬਿਊਨ ਅਦਾਰੇ ਦੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਨੇ ਇੱਕ ਰਿਪੋਰਟ ਜ਼ਰੀਏ ਇਹ ਤੱਥ ਲਿਆਂਦਾ ਹੈ ਕਿ ਪੰਜਾਬ ਦੇ ਕਰੀਬ 40 ਹਜ਼ਾਰ ਵਿਦਿਆਰਥੀ ਕਰਜ਼ਾਈ ਹਨ ਜਿਨ੍ਹਾਂ ਵਿਦੇਸ਼ ਪੜ੍ਹਨ ਖ਼ਾਤਰ ਬੈਂਕਾਂ ਤੋਂ ‘ਵਿੱਦਿਅਕ ਲੋਨ’ ਲਿਆ ਹੋਇਆ ਹੈ। ਰਿਪੋਰਟ ਅਨੁਸਾਰ ਸਟੱਡੀ ਵੀਜ਼ੇ ਵਾਲੇ ਇਹ ਵਿਦਿਆਰਥੀ ਇਸ ਵੇਲੇ ਕਰੀਬ ਤਿੰਨ ਹਜ਼ਾਰ ਕਰੋੜ ਰੁਪਏ ਦੇ ਕਰਜ਼ਾਈ ਹਨ। ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਤੋਂ ਇਲਾਵਾ ਸਹਿਕਾਰੀ ਬੈਂਕਾਂ ਨੇ ਜੋ ਵਿੱਦਿਅਕ ਕਰਜ਼ਾ ਦਿੱਤਾ ਹੋਇਆ ਹੈ, ਉਸ ਅਨੁਸਾਰ ਪੰਜਾਬ ਦੇ 38,877 ਵਿਦਿਆਰਥੀਆਂ ਵੱਲ 2891.59 ਕਰੋੜ ਦਾ ਕਰਜ਼ਾ ਖੜ੍ਹਾ ਹੈ। ‘ਵਿੱਦਿਅਕ ਕਰਜਾ’ ਲੈਣ ਵਾਲੇ ਬਹੁਗਿਣਤੀ ਵਿਦਿਆਰਥੀ ਸਟੱਡੀ ਵੀਜ਼ੇ ’ਤੇ ਵਿਦੇਸ਼ ਜਾਣ ਵਾਲੇ ਹਨ। ਸਟੇਟ ਲੈਵਲ ਬੈਂਕਰਜ਼ ਕਮੇਟੀ ਦੇ ਇਹ ਤਾਜ਼ਾ ਵੇਰਵੇ ਹਨ ਕਿ ‘ਵਿੱਦਿਅਕ ਲੋਨ’ ਲੈਣ ਵਾਲਿਆਂ ’ਚੋਂ 13,747 ਲੜਕੀਆਂ ਹਨ ਜਿਨ੍ਹਾਂ ਵੱਲ 924.18 ਕਰੋੜ ਦਾ ਕਰਜ਼ਾ ਬਕਾਇਆ ਹੈ ਜਦਕਿ 3896 ਐੱਸਸੀ ਵਰਗ ਦੇ ਵਿਦਿਆਰਥੀ ਹਨ ਜੋ ਹਾਲੇ ਤੱਕ 265.45 ਕਰੋੜ ਦਾ ਕਰਜ਼ਾ ਮੋੜ ਨਹੀਂ ਸਕੇ ਹਨ।
ਇਨ੍ਹਾਂ ਬੈਂਕਾਂ ਨੇ ਚਾਲੂ ਵਿੱਤੀ ਵਰ੍ਹੇ ਦੀ ਦੂਸਰੀ ਤਿਮਾਹੀ ਵਿਚ 3855 ਵਿਦਿਆਰਥੀਆਂ ਨੂੰ 475.47 ਕਰੋੜ ਦਾ ਕਰਜ਼ਾ ਦਿੱਤਾ ਹੈ। ਇਨ੍ਹਾਂ ਅੰਕੜਿਆਂ ਤੋਂ ਸਾਫ਼ ਹੈ ਕਿ ਮਾਪੇ ਕਿਵੇਂ ਕਰਜ਼ਾ ਚੁੱਕ ਕੇ ਬੱਚਿਆਂ ਨੂੰ ਵਿਦੇਸ਼ ਪੜ੍ਹਨ ਭੇਜ ਰਹੇ ਹਨ ? ਸਾਬਕਾ ਤਹਿਸੀਲਦਾਰ ਗੁਰਮੇਲ ਸਿੰਘ ਬਠਿੰਡਾ ਆਖਦੇ ਹਨ ਕਿ ਮਾਲਵਾ ਖ਼ਿੱਤੇ ਦੇ ਪਿੰਡਾਂ ’ਚੋਂ ਕਿਸਾਨ ਪਰਿਵਾਰ ਆਪਣੀਆਂ ਜ਼ਮੀਨਾਂ ਕੇ ਜਾਂ ਫਿਰ ਗਹਿਣੇ ਰੱਖ ਕੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ। ਮਾਪਿਆਂ ਦੀਆਂ ਆਸਾਂ ਬੱਚਿਆਂ ਦੇ ਭਵਿੱਖ ’ਤੇ ਲੱਗੀਆਂ ਹੋਈਆਂ ਹਨ। ਕੇਂਦਰੀ ਵਿੱਤ ਮੰਤਰਾਲੇ ਦੇ ਵੇਰਵਿਆਂ ’ਤੇ ਨਜ਼ਰ ਮਾਰੀਏ ਤਾਂ ਸਾਲ 2021-22 ਤੋਂ ਅਕਤੂਬਰ 2023 ਤੱਕ ਇਕੱਲੀਆਂ ਸਰਕਾਰੀ ਬੈਂਕਾਂ ਨੇ ਪੰਜਾਬ ਦੇ 23,554 ਵਿਦਿਆਰਥੀਆਂ ਨੂੰ ‘ਵਿੱਦਿਅਕ ਲੋਨ’ ਦਿੱਤਾ ਹੈ।
ਇਨ੍ਹਾਂ ਬੈਂਕਾਂ ਨੇ ਲੰਘੇ ਢਾਈ ਸਾਲਾਂ ਵਿਚ ਇਨ੍ਹਾਂ ਵਿਦਿਆਰਥੀਆਂ ਨੂੰ 1264 ਕਰੋੜ ਰੁਪਏ ਦਾ ‘ਵਿੱਦਿਅਕ ਲੋਨ’ ਜਾਰੀ ਕੀਤਾ ਹੈ। ਚਾਲੂ ਵਿੱਤੀ ਵਰ੍ਹੇ ਦੇ ਛੇ ਮਹੀਨਿਆਂ ਦੌਰਾਨ ਬੈਂਕਾਂ ਨੇ 7469 ਵਿਦਿਆਰਥੀਆਂ ਨੂੰ 317.37 ਕਰੋੜ ਦਾ ‘ਵਿੱਦਿਅਕ ਲੋਨ’ ਦਿੱਤਾ ਹੈ ਜਦਕਿ ਸਾਲ 2022-23 ਦੌਰਾਨ 8886 ਵਿਦਿਆਰਥੀਆਂ ਨੇ 511.04 ਕਰੋੜ ਦਾ ਵਿੱਦਿਅਕ ਕਰਜ਼ਾ ਚੁੱਕਿਆ ਹੈ। ਉਸ ਤੋਂ ਪਹਿਲਾਂ ਸਾਲ 2021-22 ਵਿਚ 7199 ਵਿਦਿਆਰਥੀਆਂ ਨੇ 436.67 ਕਰੋੜ ਦਾ ਕਰਜ਼ਾ ਚੁੱਕਿਆ ਸੀ। ਕਿਸਾਨ ਪਰਿਵਾਰ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਸ਼ਾਹੂਕਾਰਾਂ ਤੋਂ ਜੋ ਕਰਜ਼ਾ ਚੁੱਕਦੇ ਹਨ, ਉਹ ਵੱਖਰਾ ਹੈ। ਬੈਂਕ ਅਧਿਕਾਰੀ ਦੱਸਦੇ ਹਨ ਕਿ ਵਿੱਦਿਅਕ ਲੋਨ ਲੈਣ ਵਾਲੇ ਕਈ ਦਫ਼ਾ ਡਿਫਾਲਟਰ ਹੋ ਜਾਂਦੇ ਹਨ ਜਿਸ ਕਰਕੇ ਮਾਪਿਆਂ ’ਤੇ ਵੀ ਤਲਵਾਰ ਲਟਕਦੀ ਰਹਿੰਦੀ ਹੈ।
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਰੋਜ਼ਾਨਾ 250 ਵਿਦਿਆਰਥੀ ਵਿਦੇਸ਼ ਜਾ ਰਹੇ ਹਨ। ਮੌਜੂਦਾ ਸਰਕਾਰ ਦੇ ਸਮੇਂ ਦੌਰਾਨ ਵਿੱਦਿਅਕ ਕਰਜਾ ਚੁੱਕਣ ਵਾਲੇ ਵਿਦਿਆਰਥੀਆਂ ਦਾ ਅੰਕੜਾ ਵਧਿਆ ਹੈ। ਸਟੱਡੀ ਵੀਜ਼ੇ ਦੀ ਔਸਤ ਦੇਖੀਏ ਤਾਂ ਪੰਜਾਬ ’ਚੋਂ ਰੋਜ਼ਾਨਾ 250 ਵਿਦਿਆਰਥੀ ਵਿਦੇਸ਼ ਪੜ੍ਹਨ ਜਾ ਰਹੇ ਹਨ। ਇਸੇ ਤਰ੍ਹਾਂ ਪੰਜਾਬ ਵਿਚ ਨਵੇਂ ਪਾਸਪੋਰਟ ਬਣਾਉਣ ਵਾਲਿਆਂ ਵਿਚ ਵੀ ਕੋਈ ਕਮੀ ਨਹੀਂ ਹੋ ਰਹੀ ਹੈ। ਕਿਸਾਨੀ ਕਰਜ਼ੇ ਤੋਂ ਇਲਾਵਾ ਹੁਣ ‘ਵਿੱਦਿਅਕ ਕਰਜ਼ੇ’ ਦੀ ਪੰਡ ਵੀ ਭਾਰੀ ਹੋ ਰਹੀ ਹੈ।
Leave a Reply