ਕਈ ਰਾਜਨੀਤਕ ਆਗੂ ਆਪਣੇ ਬਿਆਨਾਂ ਕਰਕੇ ਚਰਚਾ ਵਿੱਚ ਰਹਿੰਦੇ ਹਨ ਬੇਸ਼ੱਕ ਕਈਆਂ ਦੇ ਬਿਆਨ ‘ਤੇ ਆਮ ਲੋਕਾਂ ਨੂੰ ਇਤਰਾਜ਼ ਵੀ ਹੁੰਦਾ ਹੈ ਅਤੇ ਹੁਣ ਵੀ ਇੱਕ ਮੰਤਰੀ ਨੇ ਅਜਿਹਾ ਬਿਆਨ ਦਿੱਤਾ ਹੈ ਜਿਸ ਤੋਂ ਬਾਅਦ ਕਿਸਾਨਾਂ ਵਿੱਚ ਗੁੱਸਾ ਹੈ ਅਤੇ ਵਿਵਾਦ ਵੀ ਬਣ ਗਿਆ ਹੈ। ਤਾਜ਼ਾ ਖ਼ਬਰ ਅਨੁਸਾਰ ਹੁਣ ਕਰਨਾਟਕ ਦੇ ਖੇਤੀ ਮੰਡੀਕਰਨ ਮੰਤਰੀ ਸ਼ਿਵਾਨੰਦ ਪਾਟਿਲ ਦੇ ਉਸ ਬਿਆਨ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਕਿਸਾਨ ਸੂਬੇ ’ਚ ਵਾਰ-ਵਾਰ ਸੋਕੇ ਦੀ ਇੱਛਾ ਕਰਦੇ ਹਨ ਤਾਂ ਜੋ ਉਨ੍ਹਾਂ ਦੇ ਕਰਜ਼ੇ ਮਾਫ਼ ਹੋ ਸਕਣ। ਜਿਸ ਤੋਂ ਬਾਅਦ ਵਿਰੋਧੀ ਧਿਰ ਨੇ ਸੋਮਵਾਰ ਨੂੰ ਇਸ ਨੂੰ ਕਿਸਾਨ ਭਾਈਚਾਰੇ ਦਾ ‘ਅਪਮਾਨ’ ਕਰਾਰ ਦਿੰਦੇ ਹੋਏ ਉਹਨਾਂ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਵੀ ਕੀਤੀ। ਕੈਬਨਿਟ ਮੰਤਰੀ ਦੇ ਇਸ ਬਿਆਨ ਨੂੰ ਲੈ ਕੇ ਕਾਂਗਰਸ ਸਰਕਾਰ ’ਤੇ ਤਿੱਖਾ ਵਾਰ ਕਰਦੇ ਹੋਏ ਭਾਜਪਾ ਨੇ ਮੁੱਖ ਮੰਤਰੀ ਸਿੱਧਰਮਈਆ ਤੋਂ ਅਸਤੀਫ਼ਾ ਮੰਗਣ ਦੀ ਅਪੀਲ ਕੀਤੀ ਹੈ।
ਸ਼ਿਵਾਨੰਦ ਪਾਟਿਲ ਨੇ ਸਤੰਬਰ ਵਿੱਚ ਵੀ ਇੱਕ ਬਿਆਨ ਨਾਲ ਵਿਵਾਦ ਖੜ੍ਹਾ ਹੋਇਆ ਸੀ ਜਿਸ ਵਿੱਚ ਉਹਨਾਂ ਨੇ ਮ੍ਰਿਤਕ ਦੇ ਪਰਵਾਰਾਂ ਲਈ ਮੁਆਵਜ਼ਾ ਰਾਸ਼ੀ 2 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰਨ ਤੋਂ ਬਾਅਦ ਕਿਸਾਨ ਖ਼ੁਦਕੁਸ਼ੀਆਂ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਸਨ। ਲੰਘੇ ਐਤਵਾਰ ਨੂੰ ਬੇਲਾਗਾਵੀ ਵਿਚ ਇਕ ਪ੍ਰੋਗਰਾਮ ’ਚ ਬੋਲਦਿਆਂ ਸ਼ਿਵਾਨੰਦ ਪਾਟਿਲ ਨੇ ਕਿਹਾ, “ਕਿ੍ਰਸ਼ਨਾ ਨਦੀ ਦਾ ਪਾਣੀ ਮੁਫ਼ਤ ਹੈ, ਧਾਰਾ ਵੀ ਮੁਫ਼ਤ ਹੈ। ਮੁੱਖ ਮੰਤਰੀ ਨੇ ਬੀਜ ਅਤੇ ਖਾਦ ਵੀ ਦਿੱਤੀ। ਕਿਸਾਨ ਇਹੀ ਚਾਹੁਣਗੇ ਕਿ ਵਾਰ-ਵਾਰ ਸੋਕਾ ਪਵੇ ਕਿਉਂਕਿ ਉਨ੍ਹਾਂ ਦੇ ਕਰਜ਼ੇ ਮਾਫ਼ ਹੋ ਜਾਣਗੇ। ਤੁਹਾਨੂੰ ਇਹ ਇੱਛਾ ਨਹੀਂ ਕਰਨੀ ਚਾਹੀਦੀ – ਭਾਵੇਂ ਤੁਸੀਂ ਨਾ ਚਾਹੋ, ਤਾਂ ਵੀ ਤਿੰਨ-ਚਾਰ ਸਾਲਾਂ ਵਿਚ ਇਕ ਵਾਰ ਸੋਕਾ ਜ਼ਰੂਰ ਪੈ ਜਾਵੇਗਾ।
ਰਾਜ ਸਭ ਤੋਂ ਭਿਆਨਕ ਸੋਕੇ ਦਾ ਸਾਹਮਣਾ ਕਰ ਰਿਹਾ ਹੈ ਅਤੇ ਮੁੱਖ ਮੰਤਰੀ ਸਿੱਧਰਮਈਆ ਪਹਿਲਾਂ ਹੀ ਮੱਧਮ ਮਿਆਦ ਦੇ ਕਰਜ਼ਿਆਂ ’ਤੇ ਵਿਆਜ਼ ਮਾਫ਼ੀ ਦਾ ਐਲਾਨ ਕਰ ਚੁਕੇ ਹਨ। ਇਸ ’ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਕਿਹਾ, “ਕੁੱਝ (ਮੁੱਖ ਮੰਤਰੀਆਂ) ਨੇ ਖ਼ੁਦ ਕਰਜ਼ੇ ਮਾਫ਼ ਕੀਤੇ ਸਨ। ਮੈਨੂੰ ਤੁਹਾਨੂੰ ਇਹ ਦਸਣ ਦੀ ਜ਼ਰੂਰਤ ਨਹੀਂ ਹੈ ਕਿ ਕੀ ਇਹ ਸਿੱਧਰਮਈਆ, ਕੁਮਾਰਸਵਾਮੀ ਜਾਂ ਯੇਦੀਯੁਰੱਪਾ (ਮੁੱਖ ਮੰਤਰੀ ਵਜੋਂ) ਨੇ ਪਿਛਲੇ ਸਮੇਂ ਵਿਚ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਹਨ।’’ ਉਨ੍ਹਾਂ ਕਿਹਾ ਕਿ ਜਦੋਂ ਕਿਸਾਨ ਮੁਸੀਬਤ ਵਿਚ ਹੁੰਦੇ ਹਨ ਤਾਂ ਸਰਕਾਰ ਉਨ੍ਹਾਂ ਦੀ ਮਦਦ ਲਈ ਅੱਗੇ ਆਉਂਦੀ ਹੈ ਪਰ ਕਿਸੇ ਵੀ ਸਰਕਾਰ ਲਈ ਅਜਿਹਾ ਕਰਨਾ ਹਮੇਸ਼ਾ ਮੁਸ਼ਕਲ ਹੁੰਦਾ ਹੈ।
ਮੰਤਰੀ ਦੇ ਬਿਆਨ ਨੂੰ ‘ਗ਼ੈਰ-ਜ਼ਿੰਮੇਵਾਰਾਨਾ’ ਕਰਾਰ ਦਿੰਦਿਆਂ ਸੂਬਾ ਭਾਜਪਾ ਪ੍ਰਧਾਨ ਬੀ.ਵਾਈ. ਵਿਜੇੇਂਦਰ ਨੇ ਸੂਬੇ ਦੀ ਕਾਂਗਰਸ ਸਰਕਾਰ ’ਤੇ ਹਮਲਾ ਬੋਲਿਆ। ਭਾਜਪਾ ਨੇਤਾ ਨੇ ਕਿਹਾ, “ਸ਼ਿਵਾਨੰਦ ਪਾਟਿਲ ਨੇ ਇਕ ਵਾਰ ਫਿਰ ਕਿਸਾਨਾਂ ਦਾ ਅਪਮਾਨ ਕੀਤਾ ਹੈ। ਮੈਂ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਤੁਰਤ ਉਨ੍ਹਾਂ ਨੂੰ ਬੁਲਾ ਕੇ ਸਮਝਾਉਣ ਅਤੇ ਜੇਕਰ ਉਹ ਅਪਣੇ ਆਪ ਨੂੰ ਸੁਧਾਰਨ ਦੇ ਯੋਗ ਨਹੀਂ ਹਨ ਤਾਂ ਅਸਤੀਫ਼ਾ ਲੈ ਲੈਣ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਜੇੇਂਦਰ ਨੇ ਕਿਹਾ ਕਿ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨਾਂ ਪ੍ਰਤੀ ਕਾਂਗਰਸ ਅਤੇ ਇਸ ਦੀ ਸਰਕਾਰ ਦਾ ਇਹ ਰਵਈਆ ‘ਮੰਦਭਾਗਾ’ ਹੈ ਅਤੇ ਭਾਜਪਾ ਇਸ ਦੀ ਸਖ਼ਤ ਨਿੰਦਾ ਕਰਦੀ ਹੈ।’’
Leave a Reply